Thursday 24 December 2015

ਭਗੋਤੀ

ਪਰਮੇਸ੍ਵਰ ਦੇ ਪ੍ਰਥਾਏ ਅਨੇਕਾਂ ਨਾਮ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਵਿਚ ਵਰਤੇ ਗਏ ਨੇ। ਕਿਸੇ ਵੀ ਗ੍ਰੰਥ ਵਿਚਲੇ ਸ਼ਬਦ ਦੀ ਪਰਿਭਾਸ਼ਾ ਓਸੇ ਗ੍ਰੰਥ ਵਿਚੋਂ ਹੀ ਲੈਣੀ ਚਾਹੀਦੀ ਹੈ, ਨਾ ਕੇ ਕਿਸੇ ਹੋਰ ਗ੍ਰੰਥ ਵਿਚੋਂ। ਦਸਮ ਗ੍ਰੰਥ ਵਿਚਲੇ ਦੋ ਨਾਮਾ ਨੂੰ ਅਧਾਰ ਬਣਾ ਕੇ ਆਮ ਸਿਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਓਹ ਹਨ 1. ਕਾਲ ਅਤੇ 2. ਭਗੋਤੀ। ਆਓ ਓਹਨਾ ਤੇ ਥੋੜੀ ਜਹੀ ਵਿਚਾਰ ਦਸਮ ਗ੍ਰੰਥ ਵਿਚੋਂ ਹੀ ਹਵਾਲੇ ਲੈ ਕੇ ਕਰਦੇ ਹਾਂ ਤਾਂ ਕੇ ਓਹਨਾ ਦਾ ਮਤਲਬ ਸਪਸ਼ਟ ਹੋ ਸਕੇ। 
1. ਕਾਲ : ਮੁਸਲਮਾਨ ਤੇ ਇਸਾਈ ਮਤ ਸ਼ੈਤਾਨ ਤੇ ਰੱਬ ਦੀ ਹੋਂਦ ਨੂੰ ਵਖਰਾ ਕਰ ਕੇ ਮੰਨਦਾ ਹੈ। ਪਰ ਗੁਰਮਤ ਅਨੁਸਾਰ ਮਾਰਨ ਵਾਲਾ ਤੇ ਪੈਦਾ ਕਰਨ ਵਾਲਾ ਸਿਰਫ ਇਕ ਹੀ ਹੈ। ਓਹਦੇ ਹੁਕਮ ਵਿਚ ਹੀ ਲੋਕ ਮਰਦੇ ਵੀ ਹਨ ਤੇ ਜਿਓੰਦੇ ਵੀ ਹਨ। ਇਸੇ ਨੂੰ ਦਸਮ ਵਿਚ ਕਾਲ ਵੀ ਕਿਹਾ ਹੈ ਤੇ ਅਕਾਲ ਵੀ :
ਅੋਰ ਸੁ ਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ ll ( ਸ੍ਰੀ ਦਸਮ ਗ੍ਰੰਥ ) 
ਭਾਵ ਜਿੰਨੇ ਵੀ ਹੋਰ ਕਾਲ ਦੁਨੀਆ ਨੇ ਬਣਾਏ ਨੇ, ਸਭ ਕਾਲ ਦੇ ਅਧੀਨ ਨੇ। ਬਸ ਇਕੋ ਇਕ ਕਾਲ ਹੈ ਜੋ ਅਕਾਲ ਵੀ ਹੈ। ਭਾਵ ਪਰਮੇਸ੍ਵਰ ਹੀ ਹੈ ਜੋ ਅਕਾਲ ਰੂਪ ਵੀ ਹੈ ਤੇ ਕਾਲ ਰੂਪ ਵੀ। 
2. ਭਗੋਤੀ :
ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਿਖਿਆਤਾ।।
ਸੋਈ ਭਵਾਨੀ ਨਾਮ ਕਹਾਈ।। ਜਿਨ ਸਗਰੀ ਯਹ ਸ੍ਰਿਸਟ ਉਪਾਈ।। ( ਸ੍ਰੀ ਦਸਮ ਗ੍ਰੰਥ )
ਭਾਵ ਸਭ ਤੋਂ ਪਹਿਲਾਂ ਕਾਲ ( ਓਹੀ ਪਰਮੇਸ੍ਵਰ ਜਿਸ ਨੂੰ ਕਾਲ ਅਤੇ ਅਕਾਲ ਵੀ ਕਿਹਾ ਗਿਆ ਹੈ ਦਸਮ ਗ੍ਰੰਥ ਵਿਚ) ਸਭ ਦਾ ਪਿਤਾ ਹੈ। ਓਸ ਪਰਮੇਸ੍ਵਰ ਵਿਚੋ ਇਕ ਤੇਜ, ਨੂਰ ਨਿਕਲਿਆ, ਜਿਸ ਨੂੰ ਭਵਾਨੀ ( ਭਗੋਤੀ ) ਦਾ ਨਾਮ ਦਿੱਤਾ ਗਿਆ। ਓਸੇ ਭਵਾਨੀ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ। ਸੋ ਭਵਾਨੀ ਕੋਈ ਜਨਾਨੀ ਨਹੀ , ਪਰਮੇਸ੍ਵਰ ਦੀ ਇਛਾ ਸ਼ਕਤੀ, ਭਾਵ ਹੁਕਮ/ਗੁਰਮਤ ਨੂੰ ਕਿਹਾ ਗਿਆ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਨੂਰ ਵੀ ਕਿਹਾ ਹੈ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ 
ਇਹ ਓਹੀ ਅਕਾਲ ਹੀ ਹੈ ਜਿਸ ਨੂੰ ਕਾਲ, ਅਲਾਹ ਆਦਿਕ ਨਾਵਾ ਨਾਲ ਸੰਬੋਧਨ ਕੀਤਾ ਗਿਆ ਹੈ ਤੇ ਇਹ ਓਹੀ ਭਗੋਤੀ ਹੈ ਜਿਸ ਨੂੰ ਭਵਾਨੀ , ਨੂਰ, ਤੇਜ, ਹੁਕਮ ਆਦਿਕ ਨਾਵਾ ਨਾਲ ਸੰਬੋਧਨ ਕੀਤਾ ਗਿਆ।

ਜ਼ਫਰਨਾਮਾ

ਜ਼ਫਰਨਾਮਾ ਇਕ ਇਸ ਤਰਾਂ ਦਾ ਦਸਤਾਵੇਜ ਹੈ ਜਿਸ ਵਿਚ ਚਮਕੋਰ ਦੀ ਗੜੀ ਵਿਚਲੀ ਗੁਰੂ ਸਾਹਿਬ ਦੀ ਫੋਜ ਦੀ ਗਿਣਤੀ, ਓਹਨਾ ਦੀ ਸਰੀਰਕ ਹਾਲਤ ਤੇ ਦੁਸ਼ਮਨ ਦੀ ਫੋਜ ਦੀ ਗਿਣਤੀ ਵੀ ਦਰਜ ਹੈ। ਗੁਰੂ ਸਾਹਿਬ ਔਰੰਗਜੇਬ ਨੂੰ ਲਿਖਦੇ ਹਨ :

ਗੁਰਸਨਹ ਚਿਹ ਕਾਰੇ ਚਿਹਲ ਨਰ ॥ ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥

ਅਰਥ- ਕਿਸ ਤਰਾਂ ਭੁਖ ਨਾਲ ਕਮਜੋਰ ਹੋਏ 40 ਸਿਖ ਲੜ ਸਕਦੇ ਸੀ, ਓਹ ਵੀ ਓਦੋਂ ਜਦੋਂ ਦੱਸ ਲਖ ਦੀ ਫੋਜ ਓਹਨਾ ਤੇ ਇਕਦਮ ਆਣ ਪਵੇ।

ਇਸ ਤੋਂ ਕਈ ਗੱਲਾਂ ਸਾਫ਼ ਹੁੰਦੀਆਂ ਨੇ। ਅਨੰਦ ਪੁਰ ਨੂੰ ਮੁਗਲ ਫੋਜਾਂ ਨੇ ਕਈ ਮਹੀਨੇ ਘੇਰਾ ਪਾ ਰਖਿਆ ਸੀ , ਜਿਸ ਕਰਕੇ ਕਈ ਮਹੀਨੇ ਸਿੰਘਾ ਨੂੰ ਭੁਖੇ ਰਹਿ ਕੇ ਕੱਟਣੇ ਪਏ। ਦੂਜੀ ਗੱਲ ਕੇ ਚਮਕੋਰ ਦੀ ਗੜੀ ਵਿਚ ਕਈ ਮਹੀਨਿਆ ਦੀ ਭੁਖ ਨੂੰ ਹੰਡਾਉਣ ਵਾਲੇ ਸਰੀਰਕ ਪਖੋਂ ਕਮਜੋਰ ਹੋ ਚੁਕੇ ਚਾਲੀ ਸਿੰਘ ਸਨ। ਤੀਜੀ ਗੱਲ ਇਹਨਾ ਚਾਲੀ ਸਿੰਘਾਂ ਤੇ ਅਚਾਨਕ 10 ਲਖ ਦੀ ਫੋਜ ਨੇ ਹਲ੍ਲਾ ਬੋਲ ਦਿੱਤੀ। ਅਚਾਨਕ ਇਸ ਕਰਕੇ ਕਿਹਾ ਕਿਓਂ ਕੇ ਮੁਗਲ ਜਰਨੈਲਾਂ ਨੇ ਝੂਠੀਆਂ ਸੋਹਾਂ ਖਾਧੀਆਂ ਸਨ ਕੇ ਅਸੀਂ ਕੋਈ ਹਮਲਾ ਨਹੀ ਕਰਾਂਗੇ। ਤੇ ਹਮਲਾ ਕੀਤਾ ਕਿਸ ਤਰਾਂ:

ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ ॥ ਮਿਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥੨੦॥

ਅਰਥ- ਕੇ ਤੇਰੀ ਫੋਜ ਨੇ ਆਪਣੀਆਂ ਸੋਹਾਂ ਤੋੜ ਕੇ ਜਲਦਬਾਜੀ ਨਾਲ ਤੀਰਾਂ ਤੇ ਬੰਦੂਕਾਂ ਨਾਲ ਹੱਲਾ ਬੋਲ ਦਿੱਤਾ।

ਮਤਲਬ ਕੇ ਕੁਰਾਨ ਦੀਆਂ ਝੂਠੀਆਂ ਸੋਹਾਂ ਖਾਣ ਵਾਲੇ 10 ਲਖ ਮੁਗਲ ਫੋਜੀ ਹਥੋਂ ਹਥੀ ਨਹੀ , ਬਲਕਿ ਦੂਰੋਂ ਤੀਰਾਂ ਤੇ ਗੋਲੀਆਂ ਦਾ ਮੀਂਹ ਭੁਖੇ ਭਾਣੇ ਚਾਲੀ ਸਿੰਘਾਂ ਤੇ ਵਰਾਂਦੇ ਰਹੇ। ਇਸ ਤੋਂ ਜਿਆਦਾ ਕਾਇਰਤਾ ਕੀ ਹੋ ਸਕਦੀ ਹੈ ਕਿਸੇ ਫੋਜ ਲਈ ਤੇ ਇਸ ਤੋਂ ਜਿਆਦਾ ਲਾਹਨਤ ਕੀ ਪਾਈ ਜਾ ਸਕਦੀ ਹੈ ਇਕ ਹੁਕਮਰਾਨ ਨੂੰ !!

ਅੱਗੇ ਗੁਰੂ ਸਾਹਿਬ ਦਾ ਹੋਂਸਲਾ ਦੇਖੋ :

ਬ ਲਾਚਾਰਗੀ ਦਰਮਿਯਾਂ ਆਮਦਮ ॥ ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥੨੧॥

ਅਰਥ - ਇਸੇ ਲਈ ਅਸੀਂ ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਤੇਰੀ 10 ਲਖ ਦੀ ਫੋਜ ਦਾ ਮੁਕਾਬਲਾ ਕੀਤਾ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

ਅਰਥ - ਹੁਣ ਜਦੋ ਤੂੰ ਕੋਈ ਅਮਨ ਦਾ ਹੀਲਾ ਹੀ ਨਹੀਂ ਛੱਡਿਆ ਤਾਂ ਫਿਰ ਅਸੀਂ ਵੀ ਸ਼ਮਸ਼ੀਰ ਨੂੰ ਹਥ ਵਿਚ ਫੜ ਕੇ ਜੰਗੇ ਮੈਦਾਨ ਵਿਚ ਉਤਰੇ ਹਾਂ।

ਹੁਣ ਕੁਛ ਅਖੋਤੀ ਦਸਮ ਵਿਰੋਧੀ ਇਤਿਹਾਸਕਾਰ   ਕਹਿੰਦੇ ਨੇ ਕੇ ਮੁਗਲ ਫੋਜ ਦੀ ਗਿਣਤੀ 700 ਸੀ, ਜਾ ਮਿਸ਼ਨਰੀ ਵਿਦਵਾਨ ਕਹਿੰਦੇ ਨੇ ਕੇ ਜਫਰਨਾਮਾ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਡਰਿਆ ਤੇ ਸਹਿਮਿਆ ਹੋਇਆ ਦਿਖਾਇਆ ਹੈ ਤਾਂ ਓਹਨਾ ਦੀ ਸੋਚ ਤੇ ਤਰਸ ਆਉਂਦਾ ਹੈ। ਮੇਰੇ ਖਿਆਲ ਨਾਲ ਚਮਕੋਰ ਦੀ ਲੜਾਈ ਇਕ ਐਸੀ ਲੜਾਈ ਹੈ ਜਿਸ ਵਿਚ ਲੜਨ ਵਾਲੇ ਜਰਨੈਲ ਯੋਧੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪਣੀ ਤੇ ਆਪਣੇ ਦੁਸ਼ਮਨ ਦੀ ਫੋਜ ਦੀ ਗਿਣਤੀ ਦੱਸੀ ਹੈ। ਹੋਰ ਤੇ ਹੋਰ ਦੇਖੋ 10 ਲਖ ਦੀ ਫੋਜ ਹੋਣ ਦੇ ਬਾਵਜੂਦ ਮੁਲਗ ਜਰਨੈਲ ਦੀਵਾਰਾਂ ਪਿਛੇ ਲੁਕ ਲੁਕ ਕੇ ਬੈਠੇ ਰਹੇ ਤੇ ਗੁਰੂ ਸਾਹਿਬਾਨ ਦੇ ਲਲਕਾਰਨ ਦੇ ਬਾਵਜੂਦ ਸਾਹਮਣੇ ਆ ਕੇ ਨਹੀ ਲੜ ਸਕੇ :

ਬਰੰਗੇ ਮਗਸ ਸਯਾਹਪੋਸ਼ ਆਮਦੰਦ ॥ ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥।
ਅਰਥ - ਕਾਲੀ ਵਰਦੀ ਵਿਚ ਤੇਰੇ ਸਿਪਾਹੀ ਮੇਰੀ ਬੰਦਿਆ ਤੇ ਇਸ ਤਰਾਂ ਟੁੱਟ ਕੇ ਪਾਏ ਜਿਸ ਤਰਾਂ ਮਖੀਆਂ ਪੈਂਦੀਆਂ ਨੇ।

ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂੰ ॥ ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥
ਅਰਥ - ਜੋ ਵੀ ਤੇਰਾ ਸਿਪਾਹੀ ਗਦੀ ਦੀ ਦੀਵਾਰ ਦੇ ਕੋਲ ਵੀ ਆਇਆ , ਇਕ ਤੀਰ ਨਾਲ ਹੀ ਢੇਰ ਹੋ ਗਿਆ।

ਕਿ ਬੇਰੂੰ ਨਯਾਮਦ ਕਸੇ ਜ਼ਾਂ ਦਿਵਾਰ ॥ ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼੍ਵਾਰ ॥੨੮॥
ਅਰਥ - ਕਿਸੇ ਦੀ ਹਿੰਮਤ ਨਹੀ ਹੋਈ ਕੇ ਸਾਹਮਣੇ ਹੋ ਕੇ ਮੁਕਾਬਲਾ ਕਰ ਸਕੇ।

ਇਹੋ ਹੀ ਨਹੀ , ਔਰੰਗੇ ਨੂੰ ਓਸ ਦੇ ਜਰਨੈਲ ਖ੍ਵਾਜਾ ਮਰਦੂਦ  ਦਾ ਨਾਮ ਦੱਸਿਆ ਜਿਸ ਨੇ ਕਾਇਰਤਾ ਦਿਖਾਈ ਤੇ ਦੀਵਾਰ ਪਿਛੇ ਲੁਕ ਕੇ ਬੈਠਾ ਰਿਹਾ ਤੇ ਲਲਕਾਰਨ ਦੇ ਬਾਵਜੂਦ ਵੀ ਬਾਹਰ ਨਹੀ ਨਿਕਲਿਆ  :

ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ ॥ ਨਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥

ਗੁਰੂ ਸਾਹਿਬ ਦਾ ਲਿਖਿਆ ਦਸ੍ਤਾਵੇਜ ਜਫਰਨਾਮਾ ਇਕੋ ਇਕ ਅਜਿਹਾ ਦਸਤਾਵੇਜ ਹੈ ਜੋ ਔਰੰਗੇ ਜੀ ਫੋਜ ਦੀ ਗਿਣਤੀ, ਮਕਾਰੀ, ਕਾਇਰਤਾ ਤੇ ਬੁਜਦਿਲੀ ਨੂੰ ਦੁਨੀਆ ਸਾਹਮਣੇ ਨਸ਼ਰ ਕਰਦਾ ਹੋਇਆ ਸੰਸਾਰ ਨੂੰ ਇਹ ਦਸਦਾ ਹੈ ਕੇ ਹੋਂਸਲਾ ਤੇ ਸਚਾਈ ਹੋਵੇ ਤਾਂ ਆਦਮੀ ਗਿਣਤੀਆਂ ਮਿਣਤੀਆਂ ਵਿਚ ਨਹੀ ਪੈਂਦਾ , ਜੂਝ ਕੇ ਕੁਰਬਾਨ ਹੋ ਜਾਂਦਾ ਹੈ। ਕਾਇਰ ਬਹੁਗਿਣਤੀ ਹੋ ਕੇ ਵੀ ਕਾਇਰ ਹੀ ਰਹਿੰਦਾ ਹੈ ਤੇ ਯੋਧਾ ਭੁਖਾ ਭਾਣਾ ਤੇ ਘਟ ਗਿਣਤੀ ਹੋ ਕੇ ਵੀ ਯੋਧਾ ਹੀ ਰਹਿੰਦਾ ਹੈ।