Friday 19 February 2016

ਕਰਮ ਨਾਮ

ਗੁਰਮਤ ਵਿਚ ਪਰਮੇਸ੍ਵਰ ਦੇ ਕਰਮ ਨਾਮ ਵਰਤੇ ਗਏ ਨੇ , ਭਾਵ ਜਿਨਾ ਨਾਵਾ ਨਾਲ ਪਰਮੇਸ੍ਵਰ ਦੇ ਗੁਣ ਦਰਸਾਏ ਜਾ ਸਕਣ। ਜਿਵੇਂ ਓਹ ਦਿਆਲ ਹੈ ਕਿਓਂ ਕੇ ਓਹ ਦਿਆਲੂ ਹੈ। ਓਹ ਕਿਰਪਾਲ ਹੈ ਕਿਓਂ ਕੇ ਪਰਮੇਸ੍ਵਰ ਕਿਰਪਾ ਕਰਦਾ ਹੈ। ਅਸੀਂ ਓਸ ਦੇ ਇਹਨਾ ਕਰਮ ਨਾਵਾ ਨਾਲ ਹੀ ਓਸ ਨੂੰ ਸੰਬੋਧਨ ਕਰ ਸਕਦੇ ਹਾਂ। ਕਿਓਂ ਕੇ ਅਸਲ ਵਿਚ ਤਾਂ ਓਸ ਦਾ ਕੋਈ ਨਾਮ ਹੈ ਹੀ ਨਹੀ, ਸਿਰਫ ਕਰਮ ਨਾਮ ਹੀ ਹਨ। ਓਹ ਸਭ ਨੂੰ ਜੀਵਨ ਦੇਣ ਵਾਲਾ ਹੈ ਤੇ ਓਹੀ ਸਭ ਨੂੰ ਮੋਤ ਵੀ ਦਿੰਦਾ ਹੈ। ਇਹ ਸਭ ਓਹ ਇਕ ਸਮੇ ਵਿਚ ਕਰ ਰਿਹਾ ਹੈ ,ਇਸੇ ਲਈ ਓਸ ਨੂੰ ਕਾਲ ਨਾਮ ਦੇ ਦਿੱਤਾ। ਫਰਕ ਕੋਈ ਨਹੀ। ਵਖਰੀਆਂ ਭਾਸ਼ਾਵਾਂ ਦੇ ਅਧਾਰ ਤੇ ਨਾਮ ਕੁਛ ਵੀ ਦਿੱਤਾ ਜਾ ਸਕਦਾ ਹੈ, ਪਰ ਓਸ ਦੇ ਗੁਣ ਦੇਖ ਕੇ ਪਤਾ ਲਗਦਾ ਹੈ ਕੇ ਕੀ ਇਹ ਪਰਮੇਸ੍ਵਰ ਦੀ ਗੱਲ ਹੈ ਕੇ ਨਹੀ ? ਦਮੋਦਰ, ਦੀਨ, ਦਿਆਲ, ਸਾਰੰਗਪਾਨ ਆਦਿਕ ਹੋਰ ਅਨੇਕਾਂ ਨਾਮ ਨੇ। ਪਰ ਹੈ ਇਕ ਹੀ ਪਰਮੇਸ੍ਵਰ ਦੇ। ਬਚਿਤਰ ਨਾਟਕ ਸ਼ੁਰੂ ਵਿਚ ਹੀ ਸ੍ਰੀ ਕਾਲ ਜੀ ਕੀ ਉਸਤਤ ਵਿਚ ਗੁਰੂ ਸਾਹਿਬ ਲਿਖਦੇ ਹਨ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਕੇ ਪਰਮੇਸ੍ਵਰ ਹਮੇਸ਼ਾ ਹੀ ਇਕ ਜੋਤ ਹੈ, ਭਾਵ ਇਕੋ ਹੀ ਹੈ , ਓਹ ਅਜੂਨੀ ਹੈ , ਭਾਵ ਗਰਭ ਵਿਚ ਨਹੀ ਆਉਂਦਾ, ਓਹ ਦੇਵਤਿਆਂ ਦਾ ਵੀ ਦੇਵਤਾ ਹੈ ਭਾਵ ਦੇਵਤੇ ਵੀ ਓਸ ਦੀ ਪੂਜਾ ਕਰਦੇ ਨੇ , ਓਹ ਰਾਜਿਆਂ ਦਾ ਰਾਜਾ ਹੈ।ਓਸ ਦਾ ਕੋਈ ਅਕਾਰ ਨਹੀਂ, ਓਹ ਹਮੇਸ਼ਾਂ ਰਹਿਣ ਵਾਲਾ ਹੈ , ਓਸ ਦਾ ਕੋਈ ਰੂਪ ਨਹੀਂ, ਅਨੰਦੁ ਰੂਪ ਹੈ ਜੋ ਸਾਰੀਆਂ ਤਾਕਤਾਂ ਦਾ ਆਪ ਮਾਲਿਕ ਹੈ, ਓਹ ਹੀ ਤਾਕਤ ( ਹੁਕਮ ਦੀ ਤਾਕਤ) ਰੂਪ ਤਲਵਾਰ ਦਾ ਧਾਰਨੀ ਵੀ ਹੈ। ਇਹ ਤਲਵਾਰ ਹੁਕਮ ਦਾ ਹੈ , ਨਾ ਕੇ ਕਿਸੇ ਦਿਸਣ ਵਾਲੇ ਲੋਹੇ ਦੀ। ਗਿਆਨ ਦੇ ਤਲਵਾਰ ਦਾ ਮਾਲਿਕ ਹੈ, ਜਿਸ ਨਾਲ ਵਡਿਆਂ ਵਡਿਆਂ ਦੀ ਅਗਿਆਨਤਾ ਨਾਸ਼ ਕਰ ਦਿੰਦਾ ਹੈ।
ਹੁਣ ਇਹ ਗੁਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਸਾਏ ਗਏ ਨੇ। ਹੈ ਓਹੀ, ਪਰ ਕਰਮ ਨਾਮ ਬਦਲ ਦਿੱਤੇ।

ਅਸਲ ਪਰਮੇਸ੍ਵਰ ਕਿਸ ਨੂੰ ਮੰਨਣਾ ਹੈ

ਹਿੰਦੂਸਤਾਨ ਵਿਚ ਕਿਸੇ ਵੀ ਜਣੇ ਖਣੇ ਦੇਵਤੇ ਨੂੰ ਪਰਮੇਸ੍ਵਰ ਬਣਾ ਕੇ ਪੇਸ਼ ਕਰਨ ਦੀ ਰੀਤੀ ਕਈ ਸੋ ਸਾਲ ਤੋਂ ਨਿਰੰਤਰ ਜਾਰੀ ਹੈ। ਅਨੇਕਾਂ ਭਗਵਾਨ ਮੰਨੀ ਬੈਠੇ ਨੇ ਇਹ ਲੋਕ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਥੇ ਦਸਮ ਗ੍ਰੰਥ ਵਿਚ ਇਹਨਾ ਦੇ ਭਗਵਾਨਾ ਦੇ ਪੋਲ ਖੋਲੇ ਨੇ , ਓਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਵਿਚ ਸਮਝਾਉਂਦੇ ਨੇ ਕੇ ਅਸਲ ਪਰਮੇਸ੍ਵਰ ਕਿਸ ਨੂੰ ਮੰਨਣਾ ਹੈ। 
ਬਿਨ ਕਰਤਾਰ ਨ ਕਿਰਤਮ ਮਾਨੋ ॥
ਭਾਵ ਬਿਨਾ ਕਰਤਾਰ ਦੇ ਕਿਸੇ ਨੂੰ ਵੀ ਕਰਤਾ ਨਾ ਮੰਨੋ। ਪਰ ਓਸ ਕਰਤਾਰ ਦੀ ਪਹਿਚਾਣ ਕਿਸ ਤਰਾਂ ਕਰਨੀ ਹੈ ? ਓਹ ਅਗਲੀ ਪੰਕਤੀ ਵਿਚ ਸਮਝਾਉਂਦੇ ਨੇ :
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਭਾਵ : ਜੋ ਆਦਿ ਕਾਲ ਤੋਂ ਹੈ, ਜਿਸ ਨੂੰ ਜਿੱਤਿਆ ਨਹੀ ਜਾ ਸਕਦਾ , ਜੋ ਜੂਨਾਂ ਵਿਚ ਨਹੀ ਆਉਂਦਾ, ਭਾਵ ਅਜੂਨੀ ਹੈ, ਜੋ ਮਰਦਾ ਨਹੀ , ਭਾਵ ਕਾਲ ਦੇ ਪ੍ਰਭਾਵ ਤੋਂ ਪਰੇ ਹੈ , ਸਿਰਫ ਓਸੇ ਨੂੰ ਹੀ ਪਰਮੇਸ੍ਵਰ ਮੰਨਣਾ ਹੈ। 
ਉੱਪਰ ਵਾਲੇ ਗੁਣ ਸਿਰਫ ਇਕੋ ਇਕ ਪਰਮੇਸ੍ਵਰ ਦੇ ਹੀ ਨੇ, ਹੋਰ ਕਿਸੇ ਦੇ ਨਹੀ। ਇਸੇ ਪਰਮੇਸ੍ਵਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਤੇ ਦਸਮ ਗ੍ਰੰਥ ਸਾਹਿਬ ਵਿਚ ਅਨੇਕਾਂ ਗੁਣ ਕਾਰੀ ਨਾਮਾ ਨਾਲ ਯਾਦ ਕੀਤਾ ਗਿਆ ਹੈ।

ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਸੁਹਾਏ ॥
ਕੰਠ ਨ ਕੰਠੀ ਕਠੋਰ ਧਰੇ ਨਹੂ ਸੀਸ ਜਟਾਨ ਕੇ ਜੂਟ ਸੁਹਾਏ ॥
ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥
ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ ॥੧੦੦॥
ਕੁਛ ਕੁ ਪੰਕਤੀਆਂ ਵਿਚ ਹੀ ਗੁਰੂ ਸਾਹਿਬ ਨੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ ਹੀ ਨਹੀ ਕੀਤਾ ਬਲਕਿ ਇਹਨਾ ਨੂੰ ਨਕਾਰ ਵੀ ਦਿੱਤਾ। ਪਥਰ ਪੂਜਾ ਵਾਲੇ ਨੂੰ ਪਸ਼ੂ ਤੇ ਮੂਰਖ ਕਹਿ ਕੇ ਨਿਵਾਜਿਆ, ਮੋਨੀਆ ਨੂੰ, ਭੇਖੀਆਂ ਨੂੰ, ਪਖੰਡ ਵਾਲੀ ਨਿਮਰਤਾ ਵਿਚ ਰਹਿਣ ਵਾਲਿਆਂ ਨੂੰ ( ਜੋ ਕਹਿੰਦੇ ਹਨ ਕੇ ਬੋਲੀ ਮਿਠੀ ਹੋਣੀ ਚਾਹੀਦੀ ਹੈ ਗੁਰਸਿਖ ਦੀ, ਅੰਦਰੋਂ ਭਾਵੇਂ ਗੁਰਸਿਖਾਂ ਨੂੰ ਗਾਲਾਂ ਕਢਦੇ ਹੋਣ ), ਟਿੰਡ ਕਰਵਾ ਕੇ, ਮਾਲਾ ਪਾਉਣ ਵਾਲਿਆਂ ਨੂੰ , ਜਟਾਵਾਂ ਬਣਾਉਣ ਵਾਲਿਆਂ ਨੂੰ , ਸੁੰਨਤ ਕਰਵਾਣ ਵਾਲਿਆਂ ਨੂੰ ( ਮੁਸਲਮਾਨਾ ਵਾਂਗ ) ਇਹਨਾ ਪਖੰਡਾ ਨੂੰ ਛੱਡ ਕੇ ਅਸਲ ਮਾਰਗ ਤੇ ਚੱਲਣ ਦੀ ਤਾਕੀਦ ਕੀਤੀ।

ਮਾਨਵਤਾ ਦੀ ਬਰਾਬਰੀ ਦਾ ਸੰਦੇਸ਼

ਅੱਜ ਜਦੋਂ ਆਦਮੀ ਹੈਵਾਨ ਬਣਿਆ ਮਸੂਮਾ ਦਾ ਕਤਲ ਕਰ ਰਿਹਾ ਹੈ। ਹਰ ਧਰਮ ਵਾਲਾ ਆਪਣੇ ਗ੍ਰੰਥ ਦਾ ਹਵਾਲਾ ਦੇ ਕੇ ਕਹਿੰਦਾ ਹੈ ਕੇ ਜੇ ਤੁਸੀਂ ਸਾਡੇ ਧਰਮ ਨੂੰ ਨਹੀ ਮੰਨਦੇ ਤਾਂ ਤੁਸੀਂ ਕਾਫ਼ਿਰ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਸੁਨੇਹਾ ਜੋ ਦਸਮ ਗ੍ਰੰਥ ਵਿਚ ਓਹਨਾ ਨੇ ਦਰਜ ਕੀਤਾ ਹੈ, ਮਾਨਵਤਾ ਦੀ ਬਰਾਬਰੀ ਦਾ ਸੰਦੇਸ਼ ਹੈ। ਇਹ ਸੰਦੇਸ਼ ਗੁਰੂ ਸਾਹਿਬ ਨੇ ਸਵਾ ਤਿਨ ਸੋ ਸਾਲ ਪਹਿਲਾਂ ਦਿੱਤਾ ਸੀ।

ਧਰਮ ਯੁਧ ਦਾ ਚਾਓ

ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵਿਚ ਓਹਨਾ ਨੇ ਆਪਣਾ ਮੰਤਵ ਸਾਫ਼ ਲਿਖਿਆ ਹੈ। ਓਹ ਹੈ ਧਰਮ ਯੁਧ ਦਾ ਚਾਓ ਤੇ ਜੰਗ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕਰਨਾ। ਕ੍ਰਿਸ਼ਨਾ ਅਵਤਾਰ ਦੇ ਅੰਤ ਵਿਚ ਇਹ ਸ਼ਬਦ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਛਤ੍ਰੀ ਦਾ ਪੁੱਤਰ, ਭਾਵ ਯੋਧੇ ਦਾ ਪੁਤਰ ਦੱਸਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਕੇ ਮੈਂ ਯੋਧੇ ਦਾ ਪੁਤਰ ਹਾਂ, ਮੇਰਾ ਕਰਤਵ ਬਾਮਣਾ ਵਾਂਗ ਬੈਠ ਕੇ ਪੂਜਾ ਕਰਨਾ ਨਹੀ , ਬਲਕਿ ਸ਼ਮਸ਼ੀਰ ਹਥ ਵਿਚ ਫੜ ਕੇ ਯੁਧ ਭੂਮੀ ਵਿਚ ਜੂਝਣਾ ਹੈ। ਜਿੰਨੇ ਵੀ ਦੁਨਿਆਵੀ ਕਰਜ ਨੇ, ਓਹਨਾ ਦੀ ਚਿੰਤਾ ਛਡ ਮੈਂ ਬਸ ਇਕ ਪਰਮੇਸ੍ਵਰ ਨੂੰ ਯਾਦ ਕਰਦਾ ਬੇਨਤੀ ਕਰਦਾ ਹਾਂ, ਕੇ ਹੇ ਪਰਮੇਸ੍ਵਰ ਮੇਰੀ ਇਕ ਬੇਨਤੀ ਹੈ ਦੋਨੋ ਹਥ ਜੋੜ ਕੇ ਤੂੰ ਮੈਂ ਰੀਝ ਨਾਲ ਇਹ ਬਖਸ਼ਿਸ਼ ਦੇ ਕੇ ਜਦੋਂ ਮੇਰਾ ਅੰਤ ਸਮਾ ਆਵੇ ਤਾ ਮੈਂ ਮੈਦਾਨੇ ਜੰਗ ਵਿਚ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਾਂ। ਭਾਵ ਮੇਰੇ ਪ੍ਰਾਣ ਯੁਧ ਭੂਮੀ ਵਿਚ ਨਿਕਲਣ।
ਅਗਲੇ ਹੀ ਦੋਹਰੇ ਵਿਚ ਗੁਰੂ ਸਾਹਿਬ ਲਿਖਦੇ ਨੇ:
ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥੨੪੯੧॥
ਤੇ ਓਸ ਤੋਂ ਅਗਲੇ ਸਵੈਯੇ ਵਿਚ ਲਿਖਦੇ ਨੇ:
ਧੰਨ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ, ਚਿੱਤ ਮੈ ਜੁਧੁ ਬਿਚਾਰੈ ॥
ਦੇਹ ਅਨਿੱਤ, ਨ ਨਿੱਤ ਰਹੈ, ਜਸੁ ਨਾਵ ਚੜੈ, ਭਵਸਾਗਰ ਤਾਰੈ ॥
ਧੀਰਜ ਧਾਮ ਬਨਾਇ ਇਹੈ ਤਨ, ਬੁੱਧਿ ਸੁ ਦੀਪਕ ਜਿਉ ਉਜੀਆਰੈ ॥
ਗਯਾਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
ਅਰਥ ਸਪਸ਼ਟ ਨੇ। ਓਹ ਪੁਰਖ ਧੰਨ ਹੈ ਇਸ ਜਗ ਅੰਦਰ, ਹੋ ਮੁਖ ਤੇ ਹਰੀ ਦਾ ਨਾਮ, ਤੇ ਆਪਣੇ ਮਨ ਵਿਚ ਪੰਜਾ ਨਾਲ ਯੁਧ ਕਰਦਾ ਹੈ। ਓਹ ਜਾਣਦਾ ਹੈ ਇਹ ਦੇਹਿ ਨਿਤ ਨਹੀ ਰਹਿਣੀ, ਇਸ ਲਈ ਪ੍ਰ੍ਮੇਸ੍ਵਰ ਦੇ ਜਸ ਦੀ ਬੇੜੀ ਵਿਚ ਬੈਠ ਕੇ ਭਵਸਾਗਰ ਤਰ ਜਾਂਦਾ ਹੈ। ਆਪਣੇ ਇਸ ਤਨ ਨੂੰ ਧੀਰਜ ਦਾ ਧਾਮ ਬਣਾ ਲੈਂਦਾ ਹੈ, ਤੇ ਆਪਣੀ ਬੁਧਿ ਦੇ ਗਿਆਨ ਨਾਲ ਉਜਾਲਾ ਕਰਦਾ ਹੈ। ਫਿਰ ਓਸ ਗਿਆਨ ਦੀ ਦਾਤਰੀ ਹਥ ਵਿਚ ਲੈ ਕੇ ਆਪਣੇ ਅੰਦਰ ਹੋ ਮੈਲ ਉੱਗੀ ਹੋਈ ਹੈ ਓਹਨੂੰ ਵਡ ਕੇ ਬਾਹਰ ਸੁੱਟਦਾ ਹੈ।

ਅੰਤ ਸਮੇ

ਅੰਤ ਸਮੇ ਕਿਸੇ ਵੀ ਧੀ, ਪੁਤਰ, ਪਤਨੀ ਕੇ ਕੰਮ ਨਹੀ ਆਉਣਾ। ਇਹ ਸਦੀਵੀ ਸਚ ਹੈ ਪਰ ਫਿਰ ਵੀ ਆਦਮੀ ਮੋਹ ਵਿਚ ਹੀ ਗਵਾਚਿਆ ਪਿਆ ਹੈ

ਪੁੱਤ੍ਰ ਕਲਿੱਤ੍ਰ ਨ ਮਿੱਤ੍ਰ ਸਭੈ ਊਹਾ ਸਿੱਖ ਸਖਾ ਕੋਊ ਸਾਖ ਨ ਦੈ ਹੈ ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੨॥
ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ ॥
ਪੁੱਤ੍ਰ ਕਲੱਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ ॥
ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੩॥

ਸ੍ਰੀ ਦਸਮ ਗ੍ਰੰਥ

ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥2॥
ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੁਤੁ ਭੁਤੁ ਕਰਿ ਭਾਗੀ ॥3॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ