Sunday 17 April 2016

ਗੁਰ ਸਾਹਿਬ ਦੀ ਚੰਡੀ

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥

ਚੰਡੀ ਚਰਿਤਰ ਦੀ ਸ਼ੁਰੁਆਤ ਇਥੋ ਹੁੰਦੀ ਹੈ। ਕੀ ਇਹ ਕਿਸੇ ਬਾਹਮਣਾ ਦੀ ਮੰਨੀ ਹੋਈ ਕਿਸੇ ਜਨਾਨੀ ਦੇਵੀ ਦੇ ਗੁਣ ਹੋ ਸਕਦੇ ਹਨ? ਗੁਰ ਸਾਹਿਬ ਦੀ ਚੰਡੀ ਆਦਿ ਕਾਲ ਤੋਂ ਹੈ, ਓਸ ਦਾ ਪਾਰ ਨਹੀ ਪਾਇਆ ਜਾ ਸਕਦਾ, ਓਸ ਦਾ ਕੋਈ ਲੇਖਾ ਨਹੀ, ਓਸ ਦਾ ਕੋਈ ਅੰਤ ਨਹੀ, ਓਹ ਅਕਾਲ ਹੈ ਭਾਵ ਕਾਲ ਵਸ ਨਹੀ, ਓਸ ਨੂੰ ਲਖਿਆ ਨਹੀਂ ਜਾ ਸਕਦਾ ਤੇ ਓਸ ਦਾ ਨਾਸ ਨਹੀ ਹੁੰਦਾ। ਇਹ ਅਠ ਗੁਣ ਨੇ ਗੁਰ ਸਾਹਿਬ ਦੀ ਚੰਡੀ ਦੇ। ਓਸ ਨੇ ਹੀ ਸਿਵ ਸਕਤੀ ਨੂੰ ਪੈਦਾ ਕੀਤਾ ਹੈ  ( ਜਿਹੜੀ ਹਿੰਦੁਆ ਨੇ ਮੰਨੀ ਹੈ, ਓਹ ਵਾਲੀ ਤਾਂ ਸ਼ਿਵ ਜੀ ਦੀ ਘਰਵਾਲੀ ਹੈ ਤੇ ਗੁਰੂ ਸਾਹਿਬ ਵਾਲੀ ਤਾਂ ਸਿਵ ਤੇ ਸਕਤੀ ਨੂੰ ਪੈਦਾ ਕਰਨ ਵਾਲੀ ), ਧਰਮ ਦੇ ਚਾਰ ਥੰਮ ਪੈਦਾ ਕੀਤੇ, ਤੇ ਤਿਨ ਲੋਕ ( ਰਜ, ਤਮ ਤੇ ਸਤ) ਵਿਚ ਵਾਸਾ ਕਰ ਰਹੀ ਹੈ। ਗੁਰੂ ਸਾਹਿਬ ਦੀ ਇਸੇ ਹੀ ਚੰਡੀ ਨੇ ਚੰਦ ਭਾਵ ਮਨ ਨੂੰ ਸੂਰਜ ਭਾਵ ਆਤਮ ਤੋਂ ਉਜਿਆਰਾ ਕੀਤਾ ਹੈ  ਤੇ ਇਸ ਦੇਹ ਰੂਪ ਪੰਜ ਤਤਾਂ ਦੀ ਸ੍ਰਿਸਟੀ ਨੂੰ ਪੈਦਾ ਕੀਤਾ ਹੈ। ਫਿਰ ਇਸੇ ਚੰਡੀ ਨੇ ਮਨਮਤ ਨੂੰ ਗੁਰਮਤ ਨਾਲ ਲੜਾਇਆ ਹੈ ਤੇ ਆਪ ਫਿਰ ਤਮਾਸਾ ਦੇਖ ਰਹੀ ਹੈ ਕੇ ਇਹ ਮਨ ਮਵਾਸੀ ਰਾਜਾ ਜਿਤਦਾ ਕਿਵੇਂ ਹੈ ਇਸ ਮਨਮਤ ਦੇ ਪ੍ਰਕੋਪ ਤੋਂ।  ਇਹ ਗੁਰੂ ਸਾਹਿਬ ਦੀ ਚੰਡੀ ( ਭਾਵ ਮਨ ਨੂੰ ਚੰਡਣ ਵਾਲੀ ) ਗੁਰਮਤ/ਹੁਕਮ/ਨਾਮ ਹੀ ਹੈ, ਹੋਰ ਕੋਈ ਨਹੀ। 

ਭੇਖੀ ਜੋਗਨ ਭੇਖ ਦਿਖਾਏ ॥

ਭੇਖੀ ਜੋਗਨ ਭੇਖ ਦਿਖਾਏ ॥
ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥
ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥
ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥
ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ 
ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥
ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ ॥
ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੨੪॥੯੮॥
ਸ੍ਰੀ ਦਸਮ ਗ੍ਰੰਥ 
ਗੁਰੂ ਸਾਹਿਬ ਜੋਗੀਆਂ ਨੂੰ ਸਮਝਾ ਰਹੇ ਨੇ ਕੇ ਜੋਗੀਓ ਭੇਖ ਕਿਓਂ ਦਿਖਾਉਂਦੇ ਹੋ। ਜੋ ਅਸਲ ਪਰਮੇਸ੍ਵਰ ਦਾ ਜੋਗ ਹੈ ਓਸ ਵਿਚ ਜਟਾਵਾਂ ਤੇ ਨੋਹਾਂ ਨੂੰ ਵਧਾਉਣ ਦੀ ਜਰੂਰਤ ਨਹੀ ਤੇ ਨਾ ਹੀ ਕੋਈ ਕਪੜੇ ਰੰਗਾ ਕੇ ਪਾਉਣ ਦੀ ਲੋੜ ਹੈ , ਇਹ ਸਭ ਭੇਖ ਹੈ। ਜੇ ਜੰਗਲਾਂ ਵਿਚ ਰਹਿ ਕੇ ਪਰਮੇਸ੍ਵਰ ਪ੍ਰਾਪਤੀ ਹੁੰਦੀ ਤਾਂ ਪੰਛੀ ਰਹਿੰਦੇ ਹੀ ਜੰਗਲਾਂ ਵਿਚ ਨੇ, ਓਹਨਾ ਨੂੰ ਨਾ ਮਿਲ ਜਾਂਦਾ। ਜੇ ਮਿੱਟੀ ਮਲਿਆਂ ਰੱਬ ਮਿਲਦਾ ਤਾਂ ਹਾਥੀ ਮਿੱਟੀ ਵਿਚ ਲੇਟਦਾ ਰਹਿੰਦਾ, ਓਹਨੂੰ ਦੇਖ ਕੇ ਹੀ ਕੁਛ ਸਮਝ ਜਾਓ ਕੇ ਇਸ ਤਰਾਂ ਪਰਮੇਸ੍ਵਰ ਨਹੀ ਮਿਲਦਾ। ਜੇ ਰੱਬ ਤੀਰਥ ਨਹਾਉਣ ਨਾਲ ਮਿਲਦਾ ਤਾਂ ਡੱਡੂਆ ਮਛੀਆਂ ਨੂੰ ਮਿਲਦਾ ਜੋ ਰਹਿੰਦੇ ਹੀ ਪਾਣੀ ਵਿਚ ਨੇ। ਤੇ ਨਾ ਹੀ ਰੱਬ ਧਿਆਨ ਲਾਉਣ ਨਾਲ ਮਿਲਦਾ।ਜੇ ਇਸ ਤਰਾਂ ਮਿਲਦਾ ਹੁੰਦਾ ਤਾਂ ਬਿੱਲਾ ਤੇ ਬਗਲਾ ਸਭ ਤੋਂ ਜਿਆਦਾ ਧਿਆਨ ਲਾਉਂਦੇ ਨੇ , ਫਿਰ ਓਹਨਾ ਨੂੰ ਮਿਲਦਾ। ਜਿੰਨਾ ਜੋਰ ਤੁਸੀਂ ਲੋਕਾਂ ਨੂੰ ਠੱਗਣ ਤੇ ਲਾਉਂਦੇ ਹੋ, ਓਨਾ ਜੋਰ ਆਤਮ ਦੀ ਖੋਜ ਤੇ ਲਾਓ। ਤਾਂ ਹੀ ਮਹਾਂ ਗਿਆਨ ਦੀ ਪ੍ਰਾਪਤੀ ਕਰਦੇ ਹੋਏ ਅਸਲ ਅਮ੍ਰਿਤ ਰਸ ਪੀਵੋਗੇ। 
ਜੋ ਕਹਿੰਦੇ ਨੇ ਕੇ ਦਸਮ ਗ੍ਰੰਥ ਹਿੰਦੁਆਂ ਦਾ ਗ੍ਰੰਥ ਹੈ, ਤੀਰਥ ਨਹਾਉਣ ਨੂੰ ਕਹਿੰਦਾ ਹੈ, ਜੰਗਲਾਂ ਵਿਚ ਜਾਣ ਨੂੰ ਕਹਿੰਦਾ ਹੈ , ਜੋਗੀ ਬਣਨ ਨੂੰ ਕਹਿੰਦਾ ਓਹ ਦੇਖ ਲੈਣ ਕੇ ਦਸਮ ਗ੍ਰੰਥ ਤਾਂ ਇਹਨਾ ਸਭ ਕ੍ਰਮ ਕਾਂਡਾ ਨੂੰ ਛੱਡ ਕੇ ਗਿਆਨ ਪ੍ਰਾਪਤੀ ਕਰਨ ਨੂੰ ਕਹਿ ਰਿਹਾ।

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਬਹੁਤ ਚੀਜਾਂ ਭੇਦ ਵਾਲੀਆਂ ਨੇ ਜਿਨਾ ਨੂੰ ਦਸਮ ਬਾਣੀ ਵਿਚ ਖੋਲਿਆ ਗਿਆ ਹੈ। ਸ੍ਰੀ ਦਸਮ ਗ੍ਰੰਥ ਵਿਚ ਚੋਬਿਸ ਅਵਤਾਰ ਵਿਚ ਪਾਰਸ ਨਾਥ ਤੇ ਮਛਿੰਦਰ ਨਾਥ ਦਾ ਪ੍ਰਸੰਗ ਹੈ ਜਿਸ ਵਿਚ ਰਿਸ਼ੀ ਮਛਿੰਦਰ ਨਾਥ ਰਾਜੇ ਪਾਰਸ ਨਾਥ ਨੂੰ ਆਪਣਾ ਮਨ ਫਤਿਹ ਕਰਨ ਦਾ ਗੁਝਾ ਭੇਦ ਦਸਦਾ ਹੋਇਆ ਮਨੁਖ ਦੇ ਮਨ ਦੇ ਅੰਦਰ ਹੁੰਦੇ ਬਿਬੇਕ ( ਗੁਰਮਤ) ਤੇ ਅਬਿਬੇਕ (ਮਨਮਤ) ਦੇ ਯੋਧਿਆਂ ਵਿਚ ਹੁੰਦੇ ਯੁਧ ਦੇ ਸ਼ੁਰੂ ਹੋਣ ਦੇ ਪ੍ਰਸੰਗ ਦਾ ਵਰਣਨ ਕਰਦਾ ਹੋਇਆ ਕਹਿੰਦਾ ਹੈ :
ਦੁਹੂ ਦਿਸਨ ਮਾਰੂ ਬਜਯੋ ਪਰਯੋ ਨਿਸ਼ਾਨੇ ਘਾਉ ॥
ਉਮਡ ਦੁ ਬਹੀਆ ਉਠਿ ਚਲੈ ਭਯੋ ਭਿਰਨ ਕੋ ਚਾਉ ॥੬੯॥੨੯੬॥
ਭਾਵ ਦੋਵਾਂ ਧਿਰਾਂ ਵਿਚ ਨਗਾਰੇ ਵਜਦੇ ਹਨ ਤੇ ਯੋਧੇ ਇਕ ਦੂਜੇ ਵੱਲ ਪੂਰੇ ਜੋਸ਼ ਨਾਲ ਦੂਜੇ ਯੋਧਿਆਂ ਨੂੰ ਨਿਸ਼ਾਨੇ ਲਗਾ ਕੇ ਜਖਮੀ ਕਰਦੇ ਹਨ, ਦੋਨਾ ਪਾਸਿਆਂ ਦੇ ਯੋਧੇ ਇਕ ਦੂਜੇ ਵਲ ਲੜਨ ਦੀ ਚਾਹ ਨਾਲ ਵਧਦੇ ਹਨ। 
ਬਿਲਕੁਲ ਇਸੇ ਤਰਜ ਤੇ ਇਹੋ ਗੱਲ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਦੇ ਹਨ: 
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਹੁਣ ਭਗਤ ਜੀ ਨੇ ਕੋਈ ਕਿਰਪਾਨ ਪਾ ਕੇ ਬਾਹਰੀ ਯੁਧ ਨਹੀ ਕੀਤਾ। ਇਹ ਅੰਦਰ ਦੇ ਯੁਧ ਦਾ ਵਰਣਨ ਹੈ। ਇਸੇ ਪ੍ਰਕਾਰ ਦਸਮ ਬਾਨੀ ਵਿਚ ਬਿਬੇਕ ਬੁਧ ਤੇ ਮਨਮਤ ਦੀ ਲੜਾਈ ਦੱਸੀ ਗਈ ਹੈ। ਗੱਲ ਬੁਝਣ ਦੀ ਹੈ।